12 Sep UPSC Civil Services (Main) Examination 2026 — Punjabi Literature Paper II: Question Paper | Plutus IAS
The questions below are from Punjabi Literature Paper II of UPSC Civil Services (Main) Examination 2026 (held 2026-08-30) — the actual paper, which is public government content. This page carries the questions for reference and revision; model answers for this paper are not published here.
Official paper (PDF): upsc.gov.in.
- ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ : 150 ਸ਼ਬਦ ਹਰੇਕ ਭਾਗ) 10×5=50 (a) ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ ਚਿੰਜੁ ਬੇੜਨਿ ਨਾ ਪੀਵਹਿ ਉਡਣ ਸੰਦੀ ਡੰਝ ॥ ਹੰਸੁ ਉਡਹਿ ਕ੍ਰੋਧੈ ਪਾਇਆ ਲੋਕੁ ਵਿਡਾਰਣਿ ਜਾਇ ॥ ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕ੍ਰੋਧਾ ਖਾਇ ॥ (b) ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭਤਿ ॥ ਖਿੱਕਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ (c) ਲਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰ ॥ ਕਾਮੁ ਨੋਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥ (d) ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ ਸਜਦੇ ਕਰਦਿਆਂ ਘਸ ਗਏ ਮੱਥੇ ਨਾ ਰੱਬ ਤੀਰਥ ਨਾ ਰੱਬ ਮੱਕੇ ਜਿਸ ਪਾਯਾ ਤਿਸ ਨੂਰ ਅਨਵਾਰ ਇਸ਼ਕ ਦੀ ਨਵੀਂਉ ਨਵੀਂ ਬਹਾਰ । (e) ਰਾਂਝਾ ਆਖਦਾ, ਇਹ ਜਹਾਨ ਸੁਪਨਾ, ਮਰ ਜਾਉਣਾ ਏਂ, ਮਤਵਾਲੀਏ ਨੀ । ਤੁਸਾਂ ਜੇਹੇ ਪਿਆਰਿਆਂ ਇਹੁ ਲਾਜ਼ਮ, ਆਏ ਗਏ ਮੁਸਾਫਰਾਂ ਪਾਲੀਏ ਨੀ । ਅਸਾਂ ਰੱਬ ਦਾ ਆਸਰਾ ਰੱਖਿਆ ਏਂ, ਉਠ ਜਾਵਣਾ ਏਂ, ਨੈਣਾਂ ਵਾਲੀਏ ਨੀ ।
- ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ : – (a) ਸ਼ੇਖ ਫ਼ਰੀਦ ਦਾ ਸੂਫ਼ੀ ਚਿੰਤਨ ਇਸਲਾਮੀ ਦਰਸ਼ਨ ਅਤੇ ਭਾਰਤੀ ਅਧਿਆਤਮਕ ਚਿੰਤਨ ਪਰੰਪਰਾਵਾਂ ਦਾ ਸੁਮੇਲ ਹੈ। ਉਹ ਆਪਣੇ ਸੂਫ਼ੀ ਵਿਚਾਰਾਂ ਨੂੰ ਪੰਜਾਬ ਦੇ ਸਥਾਨਕ ਸਭਿਆਚਾਰਕ ਮੁਹਾਵਰੇ ਦੇ ਠੋਸ ਬਿੰਬਾਂ-ਚਿੱਤਰਾਂ ਦੁਆਰਾ ਪੇਸ਼ ਕਰਦਾ ਹੈ। ਫ਼ਰੀਦ ਬਾਣੀ ਦੇ ਹਵਾਲੇ ਨਾਲ ਚਰਚਾ ਕਰੋ। 20 – (b) ਬੁੱਲ੍ਹੇ ਸ਼ਾਹ ਦਾ ਪ੍ਰੇਮ ਦਾ ਸੰਕਲਪ ਮੱਧਕਾਲੀ ਭਾਰਤੀ ਸਮਾਜ ਵਿਚਲੇ ਨਸਲੀ, ਧਾਰਮਿਕ, ਜਾਤੀ ਅਤੇ ਲਿੰਗ ਦੇ ਵਿਤਕਰਿਆਂ ਅਤੇ ਵਿਰੋਧਾਂ ਨੂੰ ਨਕਾਰ ਕੇ, ਮਨੁਖੀ ਬਰਾਬਰੀ ਅਤੇ ਸਮਾਜਕ ਨਿਆਂ ਦਾ ਸੰਦੇਸ਼ ਕਿਵੇਂ ਦਿੰਦਾ ਹੈ? ਬੁੱਲ੍ਹੇ ਸ਼ਾਹ ਦੇ ਕਲਾਮ ਦੇ ਹਵਾਲੇ ਨਾਲ ਚਰਚਾ ਕਰੋ। 15 – (c) ਵਾਰਿਸ ਸ਼ਾਹ ਦੇ ਕਿੱਸੇ 'ਹੀਰ' ਨੂੰ ਕਲਾਸਿਕ ਸਾਹਿਤਕ-ਰਚਨਾ ਕਿਉਂ ਮੰਨਿਆ ਜਾਂਦਾ ਹੈ? ਉਸ ਦੀ ਰਚਨਾ ਦੇ ਵਸਤੂ-ਸਾਰ ਦੇ ਸਮਾਜਕ ਮਹੱਤਵ ਅਤੇ ਸਾਹਿਤਕ-ਵਿਸ਼ੇਸ਼ਤਾਵਾਂ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ। 15
- ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ : – (a) 'ਆਸਾ ਦੀ ਵਾਰ' ਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਮੱਧਕਾਲੀ ਭਾਰਤੀ ਸਮਾਜ ਦੀ ਪਤਨਮੁਖੀ ਦਿਸ਼ਾ ਦੇ ਵੱਖਰੇ ਵੱਖਰੇ ਪਾਸਾਰਾਂ ਨੂੰ ਪੇਸ਼ ਤਾਂ ਅਧਿਆਤਮਕ ਮੁਹਾਵਰੇ ਵਿਚ ਕੀਤਾ ਹੈ, ਪਰ ਇਹ ਰਚਨਾ ਭਾਰਤੀ-ਸਮਾਜ ਦੀ ਦਮਨਕਾਰੀ ਜਾਤੀ-ਜਮਾਤੀ ਸੰਰਚਨਾ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜੀ ਹੈ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਚਰਚਾ ਕਰੋ। 20 – (b) ਸ਼ੇਖ ਫ਼ਰੀਦ ਦੀ ਬਾਣੀ ਵਿਚ ਮੌਤ ਦੀ ਚੇਤਾਵਨੀ ਦੁਆਰਾ ਸੰਸਾਰਕ-ਜੀਵਨ ਦੇ ਤਿਆਗ ਦੀ ਥਾਂ, ਸੂਫ਼ੀ ਦਰਵੇਸ਼ ਦੇ ਸਬਰ ਸੰਤੋਖ ਵਾਲੇ ਸੰਜਮੀ ਤੇ ਤਿਆਗੀ ਜੀਵਨ ਨੂੰ ਮਨੁਖੀ-ਆਦਰਸ਼ ਵਜੋਂ ਪੇਸ਼ ਕੀਤਾ ਗਿਆ ਹੈ। ਸੂਫ਼ੀ ਦਰਵੇਸ਼ ਦਾ ਸੰਜਮੀ ਵਿਵਹਾਰ ਫ਼ਰੀਦ ਦੇ ਦੌਰ ਦੇ ਵਿਲਾਸੀ ਹਾਕਮਾਂ ਅਤੇ ਲਾਲਚੀ ਪੁਜਾਰੀ ਵਰਗ ਦੇ ਅਨੈਤਿਕ ਜੀਵਨ ਉੱਤੇ ਕਟਾਖਸ਼ ਹੈ। ਫ਼ਰੀਦ ਜੀ ਦੇ ਸ਼ਲੋਕਾਂ ਦੇ ਹਵਾਲੇ ਨਾਲ ਚਰਚਾ ਕਰੋ। 15 – (c) ਸਾਈਂ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੇ ਬਿੰਬ-ਵਿਧਾਨ, ਪ੍ਰਤੀਕ-ਪ੍ਰਬੰਧ ਅਤੇ ਕਾਵਿ-ਭਾਸ਼ਾ ਦੀ ਵਿੱਲਖਣਤਾ ਬਾਰੇ ਚਰਚਾ ਕਰੋ। 15
- ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ : – (a) ਵਾਰਿਸ ਸ਼ਾਹ ਨੇ ਆਪਣੇ ਕਿੱਸੇ 'ਹੀਰ' ਵਿਚ ਕਿਸਾਨਾਂ (ਜੱਦਾਂ), ਔਰਤਾਂ ਅਤੇ ਕਿਰਤੀ ਜਮਾਤਾਂ ਪ੍ਰਤੀ ਨਾਂਹ-ਮੁਖੀ ਟਿੱਪਣੀਆਂ ਕੀਤੀਆਂ ਹਨ। ਪਰ, ਅਚੇਤ ਪੱਧਰ 'ਤੇ ਉਸ ਦੀ ਰਚਨਾ ਦਾ ਅੰਦਰੂਨੀ-ਸਾਹ, ਮੱਧਕਾਲੀ ਸਮਾਜ ਵਿਚ ਕਿਰਤੀ ਅਤੇ ਹਾਸ਼ੀਏ ਦੇ ਸਮਾਜ ਅੰਦਰ ਆ ਰਹੀ ਕ੍ਰਾਂਤੀਕਾਰੀ-ਚੇਤਨਾ ਨੂੰ ਪੇਸ਼ ਕਰਦਾ ਹੈ। ਵਾਰਿਸ ਸ਼ਾਹ ਦੇ ਇਸ ਵਿਚਾਰਧਾਰਕ ਦਵੰਦ ਅਤੇ ਇਤਿਹਾਸ-ਬੋਧ ਬਾਰੇ ਆਲੋਚਨਾਤਮਿਕ ਟਿੱਪਣੀ ਲਿਖੋ। 20 – (b) ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਵਿਚ ਸੂਫੀ ਰੂਹਾਨੀਅਤ ਦੀ ਉਦਾਰਵਾਦੀ ਤੇ ਮਾਨਵਵਾਦੀ ਵਿਆਖਿਆ ਦੇ ਨਾਲ ਨਾਲ, ਉਸ ਦੇ ਦੌਰ ਦੀਆਂ ਸਮਾਜਕ ਤੇ ਰਾਜਸੀ ਤਬਦੀਲੀਆਂ ਅਤੇ ਯੁੱਗ-ਗਰਦੀ ਨੂੰ ਬਿਆਨ ਕੀਤਾ ਗਿਆ ਹੈ। "ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ ਗੋਰ ਪਿਆ ਕੋਈ ਹੋਰ" ਕਹਿ ਕੇ, ਬੁੱਲ੍ਹੇ ਸ਼ਾਹ ਕਿਸ ਸ਼੍ਰੇਣੀ ਦੀ ਇਤਿਹਾਸਕ-ਹਾਰ ਵੱਲ ਸੰਕੇਤ ਕਰਦਾ ਹੈ? ਚਰਚਾ ਕਰੋ। 15 – (c) ਨਿਰਸੰਦੇਹ, ਗੁਰੂ ਨਾਨਕ ਦੇਵ ਜੀ ਦੀ ਰਚਨਾ 'ਜਪੁਜੀ ਸਾਹਿਬ', ਦਾਰਸ਼ਨਿਕ ਸੁਰ ਵਾਲੀ ਰਚਨਾ ਹੈ। ਪਰ, ਇਸ ਵਿਚ ਸਮਾਜਕ ਮਨੁੱਖੀ-ਆਦਰਸ਼ਾਂ ਦੀ ਵਿਆਖਿਆ ਵੀ ਹੋਈ ਹੈ। ਗੁਰੂ ਨਾਨਕ ਦੇਵ ਜੀ ਦੇ 'ਮੁਕਤੀ' ਦੇ ਸੰਕਲਪ ਨੂੰ ਇਸ ਬਾਣੀ ਦੇ ਹਵਾਲੇ ਨਾਲ ਸਪੱਸ਼ਟ ਕਰੋ। 15
- ਹੇਠ ਲਿਖੇ ਟੋਟਿਆਂ ਦੀ ਪ੍ਰਸੰਗ ਸਹਿਤ ਆਲੋਚਨਾਤਮਕ ਵਿਆਖਿਆ ਕਰੋ । (ਸ਼ਬਦ ਸੀਮਾ : 150 ਸ਼ਬਦ ਹਰੇਕ ਭਾਗ) 10×5=50 (a) “ਕਦੀ ਮਾਵਾਂ ਦੇ ਪੁੱਤਰ ਨੇ ਮੇਏ ਓਥੇ, ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ । ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ, ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ । ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੇਏ ਵਾਲੀ, ਖੁੱਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ ।” (b) “ਸਾਕੀ ਅਜ ਤੇਰੀ ਮਹਿਫ਼ਲ ਵਿਚ, ਕੋਈ ਰਾਗ ਨਹੀਂ ਕੋਈ ਰੰਗ ਨਹੀਂ । ਕੋਈ ਅਗਨ ਨਹੀਂ ਚੰਗਿਆਈ ਦੀ, ਕੋਈ ਲਗਨ ਨਹੀਂ ਕੁਰਬਾਨੀ ਦੀ । ਉਪਰੋਂ ਹੈ ਸ਼ਾਨ ਮੁਲੰਮੇ ਦੀ, ਅੰਦਰੋਂ ਕੋਈ ਖੋਟਾ ਸਿੱਕਾ ਹੈ । ਅੱਖੀਆਂ ਵਿਚ ਘੱਟਾ ਪੈਂਦਾ ਹੈ, ਕੋਈ ਅਣਖ ਨਹੀਂ ਕੋਈ ਸੰਗ ਨਹੀਂ ।” (c) ਨੇਕੀ ਅਤੇ ਬਦੀ ਦੀਆਂ ਦੋਵੇਂ ਸੜਕਾਂ, ਇਕ ਦੂਜੀ ਤੋਂ ਵਿਰੁਧ ਜਾਂਦੀਆਂ ਹਨ । ਦੁਹਾਂ ਉਤੇ ਬੇ-ਓੜਕ ਰਾਹੀਂ ਆਪੇ ਆਪਣੀ ਸੇਧੇ ਤੁਰੇ ਜਾਂਦੇ ਹਨ – ਨੇਕ ਵੀ ਬਦ ਵੀ, ਪਰ ਉਸ ਮਨੁੱਖ ਦੀ ਹਾਲਤ ਕਿਹੋ ਜਿਹੀ ਹੁੰਦੀ ਹੋਵੇਗੀ, ਜਿਸ ਦਾ ਇਕ ਪੈਰ ਨੇਕੀ ਵੱਲ ਅਤੇ ਦੂਜਾ ਬਦੀ ਵਲ ਵਧਣ ਲਈ ਜ਼ੋਰ ਲਾ ਰਿਹਾ ਹੋਵੇ ।… ਉਹ ਇਸ ਵੇਲੇ ਇਸੇ ਹਾਲਤ ਵਿਚ ਸੀ । (d) ਕਲਾ, ਮਨੁੱਖੀ-ਦਿਲ ਦੀ ਜ਼ਬਾਨ ਹੈ, ਇਹਦੇ ਬਿਨਾ ਮਨੁੱਖੀ-ਦਿਲ ਗੂੰਗਿਆਂ ਵਾਂਗ ਬੇ-ਤੇਰ ਭੌਰ ਹੋ ਜਾਂਦਾ ਹੈ । ਇਨਸਾਨ ਤੇ ਹੈਵਾਨ ਵਿਚ ਫ਼ਰਕ ਸਿਰਫ਼ ਕਲਾ ਦਾ ਹੈ । ਹੁਣ ਵੀ ਧਰਤੀ ਦੀਆਂ ਕਈ ਥਾਵਾਂ ਉੱਤੇ ਮਨੁੱਖੀ ਨਕਸ਼ਾਂ ਵਾਲੇ ਬੰਦੇ ਵੱਸਦੇ ਹਨ । ਜਿਨ੍ਹਾਂ ਨੂੰ ਅਜੇ ਕਲਾ ਦੀ ਕਰਾਮਾਤ ਪ੍ਰਾਪਤ ਨਹੀਂ ਹੋਈ, ਉਹ ਮਨੁੱਖੀ ਨਕਸ਼ਾਂ ਵਾਲੇ ਹੈਵਾਨ ਹਨ । ਕਲਾ, ਕੰਮਾਂ ਤੇ ਯੁਗਾਂ ਦਾ ਜੀਵਨ-ਚਰਿਤ੍ਰ (e) ਆਤਮਕ ਜੀਵਨ, ਅਸਲ ਵਿਚ ਸਮਾਜਕ-ਜੀਵਨ ਦਾ ਹੀ ਇਕ ਭਾਗ ਹੈ । ਇਹ ਸਮਾਜ ਤੇ ਸੰਸਾਰ ਤੋਂ ਉਪਰਲੀ ਕਿਸੇ ਥਾਉਂ ਦਾ ਭਾਗ ਨਹੀਂ । ਸਮਾਜਕ-ਜੀਵਨ ਦੇ ਸੂਖਮ ਅੰਸ਼ ਨੂੰ ਹੀ ਆਤਮਕ ਕਿਹਾ ਜਾਂਦਾ ਹੈ, ਉਹ ਅੰਸ਼ ਜੋ ਮਨੁੱਖ ਦੀ ਬੁੱਧੀ, ਉਸਦੇ ਭਾਵਾਂ ਤੇ ਆਸ਼ਿਆਂ ਨਾਲ ਸੰਬੰਧਿਤ ਹੈ । ਬੁੱਧੀ, ਇਹ ਭਾਵ ਤੇ ਆਸ਼ੇ ਮਨੁੱਖ ਦੇ ਕਰਮ ਦਾ, ਹਰ ਇਕ ਘੇਰੇ ਵਿਚ, ਆਰਥਿਕ ਘੇਰੇ ਵਿਚ ਵੀ ਨਿਰਦੇਸ਼ ਕਰਦੇ ਹਨ ।
- ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ : – (a) “ਪੰਜਾਬੀ ਕਥਾ-ਸਾਹਿਤ ਵਿਚ ਯਥਾਰਥ ਦੀ ਚਿੰਤਾ ਦਾ ਉਦੋਂ ਪਹਿਲੀ ਵਾਰ ਨਾਨਕ ਸਿੰਘ ਵਿਚ ਹੁੰਦਾ ਹੈ, ਪਰ ਉਹ ਆਪਣੇ ਯਥਾਰਥ-ਬੋਧ ਵਿਚ ਆਪਣੇ ਯੁੱਗ ਵਿਸ਼ੇਸ਼ ਦੀ ਸੁਧਾਰਵਾਦੀ ਭਾਵਨਾ ਤੋਂ ਉਪਰ ਨਹੀਂ ਉੱਠ ਸਕਿਆ।” ਇਸ ਕਥਨ ਦੀ ਰੌਸ਼ਨੀ ਵਿਚ ਕੀ ‘ਚਿੱਟਾ ਲਹੂ’ ਨਾਵਲ ਨੂੰ, ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਕਹਿਣਾ ਉਚਿਤ ਹੈ ? ਚਰਚਾ ਕਰੋ । 20 – (b) ਧਨੀ ਰਾਮ ਚਾਤ੍ਰਿਕ ਦੀ ਰਾਸ਼ਟਰਵਾਦੀ-ਚੇਤਨਾ ਅਤੇ ਉਸਦੇ ਪੰਜਾਬੀਅਤ ਦੇ ਸੰਕਲਪ ਉਪਰ ਉਸ ਦੇ ਕਾਵਿ-ਸੰਗ੍ਰਹਿ- ‘ਸੂਫ਼ੀਖਾਨਾ’ ਅਤੇ ‘ਨਵਾਂ ਜਹਾਨ’ ਦੇ ਹਵਾਲੇ ਨਾਲ ਆਲੋਚਨਾਤਮਿਕ ਟਿੱਪਣੀ ਲਿਖੋ । 15 – (c) ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਵਿਚ ਬਲਰਾਜ ਸਾਹਨੀ, ਪੂਰਬੀ ਤੇ ਪੱਛਮੀ ਪੰਜਾਬਾਂ ਦੇ ਭਾਈਚਾਰਿਆਂ ਵਿਚ ਦੇਸ਼ ਦੀ ਵੰਡ ਦੇ ਦੁਖਾਂਤ ਅਤੇ ਸ਼ਰਨਾਰਥੀ ਹੋਣ ਦੇ ਦਰਦ ਤੋਂ ਉਪਜੀ ਮਾਨਸਿਕ-ਪੀੜ ਨੂੰ, ਕਿਸ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ ? ਚਰਚਾ ਕਰੋ । 15
- ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ : – (a) ਸਾਹਿਤ ਦੀ ਹੋਂਦ-ਵਿਧੀ, ਸਾਹਿਤ ਦੇ ਪ੍ਰਯੋਜਨ ਅਤੇ ਸਾਹਿਤ ਤੇ ਸਮਾਜ ਦੇ ਸੰਬੰਧਾਂ ਬਾਰੇ ਸੰਤ ਸਿੰਘ ਸੇਖੋਂ ਦੀਆਂ ਧਾਰਨਾਵਾਂ ਨੂੰ ‘ਸਾਹਿਤਿਆਰਥ’ ਅਤੇ ‘ਪੰਜਾਬੀਕਾਵਿ ਸ਼ਰੇਮਣੀ’ ਪੁਸਤਕਾਂ ਦੇ ਹਵਾਲੇ ਨਾਲ ਸਪੱਸ਼ਟ ਕਰੋ । ਸੰਤ ਸਿੰਘ ਸੇਖੋਂ ਦੀ ਪੰਜਾਬੀ ਮਾਰਕਸਵਾਦੀ ਆਲੋਚਨਾ ਦੇ ਇਤਿਹਾਸਕ ਮਹੱਤਵ ਅਤੇ ਉਸ ਦੀਆਂ ਸਿਧਾਂਤਕ ਸੀਮਾਵਾਂ ਉਪਰ ਨੋਟ ਲਿਖੋ । 20 – (b) ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀ ਸਮਾਜ ਨੂੰ ਸਨਾਤਨੀ ਵਿਚਾਰਾਂ, ਜੜ੍ਹ-ਮਾਨਤਾਵਾਂ, ਰੂੜ੍ਹੀਵਾਦੀ ਪਰੰਪਰਾਵਾਂ, ਕਠੋਰ ਸਭਿਆਚਾਰਕ-ਵਰਜਣਾਵਾਂ ਅਤੇ ਦਮਨਕਾਰੀ ਪਿੱਤਰ-ਸੱਤਾਤਮਿਕ ਸੰਸਥਾਵਾਂ ਦੇ ਦਾਵੇ ਤੋਂ ਮੁਕਤ ਕਰਨ ਲਈ ‘ਸਹਿਜ ਪ੍ਰੀਤ’ ਦਾ ਆਦਰਸ਼ਵਾਦੀ ਸੰਕਲਪ ਦਿੱਤਾ । ਉਸ ਦੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਤੇ ਉਸ ਦੀਆਂ ਵਿਚਾਰਧਾਰਕ ਸੀਮਾਵਾਂ ਨੂੰ ‘ਨਵਾਂ ਸ਼ਿਵਾਲਾ’ ਅਤੇ ‘ਜ਼ਿੰਦਗੀ ਦੀ ਰਾਸ’ ਪੁਸਤਕਾਂ ਦੇ ਹਵਾਲੇ ਨਾਲ ਸਪੱਸ਼ਟ ਕਰੋ । 15 – (c) ‘ਜੰਗਨਾਮਾ ਸ਼ਾਹ ਮੁਹੰਮਦ’ ਪੰਜਾਬ ਦੇ ਗੁਆਚ ਰਹੇ ਕੌਮੀ ਗੌਰਵ ਦਾ ਵੈਣ ਵੀ ਹੈ ਅਤੇ ਇਸ ਵਿਚ ਬਰਤਾਨਵੀ ਸਰਕਾਰ ਦੀ ਬਸਤੀਵਾਦੀ ਖਸਲਤ ਉਪਰ ਸਟੀਕ ਤਬਸਰਾ ਵੀ ਹੈ । ਸ਼ਾਹ ਮੁਹੰਮਦ ਦੇ ਇਤਿਹਾਸ-ਬੋਧ ਉਪਰ ਆਲੋਚਨਾਤਮਿਕ ਟਿੱਪਣੀ ਲਿਖੋ । 15
- ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਉ : (a) ਬਲਵੰਤ ਗਾਰਗੀ ਮੂਲ ਰੂਪ ਵਿਚ ਮਨੁੱਖ ਦੀਆਂ ਅਵਚੇਤਨੀ ਮਾਨਸਿਕ-ਗੁੰਝਲਾਂ ਅਤੇ ਅਤ੍ਰਿਪਤ ਕਾਮ-ਕਾਮਨਾਵਾਂ ਦੀ ਬੇਬਾਕੀ ਨਾਲ ਪੇਸ਼ਕਾਰੀ ਕਰਨ ਵਾਲਾ ਲੇਖਕ ਹੈ। ਉਸਦੇ ਨਾਟਕਾਂ ਦੇ ਔਰਤ ਪਾਤਰ, ਪਿੱਤਰ-ਸੱਤਾ ਦੇ ਦਾਬੇ ਅਤੇ ਵਰਜਣਾ-ਮੁਖੀ ਕਾਮ-ਮਰਿਆਦਾ ਦੀਆਂ ਨੈਤਿਕ ਕਦਰਾਂ ਨੂੰ ਹਿੰਸਕ ਮੁਦਰਾ ਵਾਲੀ ਭਾਸ਼ਾ ਵਿਚ ਵੰਗਾਰਦੀਆਂ ਹਨ। 'ਲੋਹਾ ਕੁੱਟ', 'ਧੂਣੀ ਦੀ ਅੱਗ' ਅਤੇ 'ਸੁਲਤਾਨ ਰਜ਼ੀਆ' ਨਾਟਕਾਂ ਦੇ ਹਵਾਲੇ ਨਾਲ ਚਰਚਾ ਕਰੋ। 20 (b) "ਨਾਨਕ ਸਿੰਘ ਪੰਜਾਬੀ ਨਾਵਲ ਨੂੰ, ਸੰਪਾਦਣਿਕ ਦ੍ਰਿਸ਼ਟੀ ਅਤੇ ਉਪਦੇਸ਼ਾਤਮਕ ਗਲਪ-ਸ਼ੈਲੀ ਤੋਂ ਮੁਕਤ ਕਰਕੇ, ਯਥਾਰਥਵਾਦੀ ਨਾਵਲੀ-ਵਿਧਾ ਦਾ ਆਗਾਜ਼ ਕਰਦਾ ਹੈ, ਪਰ ਆਪਣੀ ਆਦਰਸ਼ਵਾਦੀ ਜੀਵਨ-ਦ੍ਰਿਸ਼ਟੀ ਕਰਕੇ, ਉਸਦੇ ਨਾਵਲਾਂ ਦੇ ਕਥਾ-ਵਸਤੂ ਅਤੇ ਕਥਾ-ਸ਼ਿਲਪ ਵਿਚ ਮੱਧਕਾਲੀ ਕਥਾ-ਰੂੜ੍ਹੀਆਂ ਦਾ ਦਖਲ ਅਕਸਰ ਨਜ਼ਰ ਆਉਂਦਾ ਹੈ।" ਇਸ ਕਥਨ ਦੀ ਰੌਸ਼ਨੀ ਵਿਚ ਉਸਦੇ ਨਾਵਲ 'ਪਵਿੱਤਰ ਪਾਪੀ' ਦੇ ਕਥਾ-ਵਸਤੂ ਅਤੇ ਕਥਾ-ਵਿਧੀ ਉਪਰ ਚਰਚਾ ਕਰੋ। 15 (c) ਇਕ ਸਾਹਿਤਕਾਰ ਵਜੋਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸਮਾਜਕ ਸਰੋਕਾਰ ਅਤੇ ਫਿਕਰ ਜਿੰਨੇ ਵਸੀਹ ਸਨ, ਉਹ ਓਨਾ ਹੀ ਵੱਡਾ ਸ਼ੈਲੀਕਾਰ ਵੀ ਸੀ। ਉਸਨੇ ਪੰਜਾਬੀ ਵਾਰਤਕ ਨੂੰ ਨਵੀਂ ਠੁੱਕ ਅਤੇ ਸੁਹਜਵੰਤ-ਸ਼ੈਲੀ ਪ੍ਰਦਾਨ ਕੀਤੀ। ਇਸ ਕਥਨ ਦੀ ਰੌਸ਼ਨੀ ਵਿਚ 'ਮੇਰੀਆਂ ਅਤੁਲ ਯਾਦਾਂ' ਪੁਸਤਕ ਦਾ ਮੁਤਾਲਿਆ ਕਰੋ। 15
Questions reproduced from the official paper for study purposes; verify on the exam-conducting body’s official website.
- UPSC Civil Services (Main) Examination 2026 — General Studies-IV (Paper-V): Questions with Model Answers | Plutus IAS - September 12, 2026
- UPSC Civil Services (Main) Examination 2026 — Punjabi Literature Paper II: Question Paper | Plutus IAS - September 12, 2026
- तेलंगाना विधानसभा में CURE बिल 2026 पर चर्चा शुरू, जानिए प्रमुख मुद्दे और बदलाव - September 12, 2026

No Comments